–
-ਅਮਰਪਾਲ ਨੂਰਪੁਰੀ
ਹਿਮਾਚਲ ਦੀਆਂ ਕੁੜੀਆਂ ਆਪਣੀ ਸੁੰਦਰਤਾ ਅਤੇ ਸਾਦਗੀ ਲਈ ਹਮੇਸ਼ਾ ਚਰਚਾ ਵਿਚ ਰਹੀਆਂ ਹਨ । ਡਿੰਪਲ ਗਰਲ ਦੇ ਨਾਂ ਨਾਲ ਪ੍ਰਸਿੱਧ ਫਿਲਮ ਅਦਾਕਾਰਾ ਪ੍ਰੀਟੀ ਜਿੰਟਾ, ਕੰਗਨਾ ਰਣੌਤ , ਪੂਨਮ ਰਾਜਪੂਤ ,ਰੁਬੀਨਾ ਦਿਲੈਕ ਅਤੇ ਸ਼ੀਤਲ ਠਾਕੁਰ ਤੋਂ ਬਾਅਦ ਇਕ ਹੋਰ ਖੂਬਸੂਰਤ ਮੁਟਿਆਰ ਚਾਂਦਨੀ ਸ਼ਰਮਾ ਬਾਲੀਵੁੱਡ ਵਿਚ ਦਸਤਕ ਦੇ ਰਹੀ ਹੈ। ਇੰਡੀਅਨ ਪ੍ਰਿੰਸੇਜ—2014 ਦਾ ਖ਼ਿਤਾਬ ਜਿੱਤ ਚੁੱਕੀ ਇਹ ਹਿਮਾਚਲੀ ਮੁਟਿਆਰ ਹੁਣ ਅਭਿਨੈ ਦੇ ਖੇਤਰ ਵਿਚ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ।

ਪਿਛੇ ਜਿਹੇ ਚੰਡੀਗੜ ਵਿਚ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਚਾਂਦਨੀ ਸ਼ਰਮਾ ਨੇ ਦੱਸਿਆ ਕਿ ਉਹ ਹਿਮਾਚਲ ਦੇ ਇਕ ਛੋਟੇ ਜਿਹੇ ਸ਼ਹਿਰ ਮੰਡੀ ਦੀ ਰਹਿਣ ਵਾਲੀ ਹੈ। ਉਸ ਨੇ ਮੈਟ੍ਰਿਕ ਦੀ ਪ੍ਰੀਖਿਆ ਸੁੰਦਰ ਨਗਰ ਤੋਂ ਪਾਸ ਕੀਤੀ ਅਤੇ ਬਾਰ੍ਹਵੀਂ ਡੀਏਵੀ ਕਾਲਜ ਚੰਡੀਗੜ ਤੋਂ ਕਰਨ ਦੇ ਬਾਅਦ ਚਿਤਕਾਰਾ ਯੂਨੀਵਰਸਿਟੀ, ਬੱਦੀ ਤੋਂ ਇੰਜੀਨਅਰਿੰਗ ਦੀ ਡਿਗਰੀ ਹਾਸਿਲ ਕੀਤੀ। ਉਸ ਨੇ ਦੱਸਿਆ ਕਿ ਮਾਡਲਿੰਗ, ਅਭਿਨੈ ਅਤੇ ਨ੍ਰਿਤ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ। ਘਰ ਦੇ ਸ਼ੀਸ਼ੇ ਸਾਹਮਣੇ ਖੜੀ ਹੋ ਕੇ ਉਹ ਮਾਧੁਰੀ ਦੀਕਸ਼ਿਤ ਅਤੇ ਸ੍ਰੀਦੇਵੀ ਦੇ ਫਿਲਮੀ ਗੀਤਾਂ ਉਤੇ ਨ੍ਰਿਤ ਕਰਦੀ ਸੀ। ਉਸ ਦੀ ਪ੍ਰਤਿਭਾ ਅਤੇ ਸ਼ੌਕ ਨੂੰ ਦੇਖਦਿਆਂ ਉਸ ਦੇ ਘਰ ਵਾਲਿਆਂ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ ਅਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ।
ਚਾਂਦਨੀ ਨੇ ਦੱਸਿਆ ਕਿ ਅਚਾਨਕ ਇਕ ਦਿਨ ਇੰਡੀਅਨ ਪ੍ਰਿੰਸੇਜ ਸੁੰਦਰਤਾ ਮੁਕਾਬਲੇ ਦੇ ਆਡੀਸ਼ਨ ਦਾ ਵਿਗਿਆਪਨ ਵੇਖਿਆ ਅਤੇ ਫਾਰਮ ਭਰ ਦਿੱਤਾ। ਛੇਤੀ ਹੀ ਉਸਨੂੰ ਪ੍ਰੰਬਧਕਾਂ ਦਾ ਸੱਦਾ ਪੱਤਰ ਮਿਲ ਗਿਆ। ਇਕ ਮਹੀਨੇ ਦੀ ਟਰੇਨਿੰਗ ਅਤੇ ਵੱਖ—ਵੱਖ ਮੁਕਾਬਲੇ ਤੋਂ ਬਾਅਦ ਉਹ ਫਾਈਨਲ ਵਿਚ ਪਹੁੰਚ ਗਈ। 18 ਫਰਵਰੀ, 2014 ਨੂੰ ਜੇਵੀਪੀਡੀ ਗਰਾਂਊਡ ਜੁਹੂ, ਮੁੰਬਈ ਵਿਚ ਇਸ ਸੁੰਦਰਤਾ ਮੁਕਾਬਲੇ ਦਾ ਗਰੈਂਡ ਫਿਨਾਲੇ ਹੋਇਆ, ਜਿਸ ਵਿਚ ਉਸਨੂੰ ਇੰਡੀਅਨ ਪ੍ਰਿੰਸੇਜ 2014 ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ। ਉਹ ਮੁੰਬਈ ਵਿਚ ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਦੇ ਗੁਰੂ ਗੁਲਸ਼ਨ ਜੀ ਤੋਂ ਕੱਥਕ ਸਿੱਖ ਚੁੱਕੀ ਹੈ, ਕਿਉਂਕਿ ਨ੍ਰਿਤ ਨਾਲ ਉਸ ਨੂੰ ਬਹੁਤ ਲਗਾਅ ਰਿਹਾ ਹੈ। ਚਾਂਦਨੀ ਨੇ ਦੱਸਿਆ ਕਿ ਖੁਦ ਨੂੰ ਫਿਟ ਰੱਖਣ ਲਈ ਉਹ ਡਾਂਸ ਦੇ ਨਾਲ ਵਰਕਆਊਟ ਵੀ ਕਰਦੀ ਹੈ। ਉਸ ਨੂੰ ਹਿੰਦੀ ਅਤੇ ਦੱਖਣੀ ਫਿਲਮਾਂ ਦੇ ਕੁਝ ਆਫਰ ਵੀ ਆਏ ਹਨ, ਪਰੰਤੂ ਉਹ ਜਲਦਬਾਜ਼ੀ ਵਿਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ। ਉਹ ਸਿਰਫ ਚੰਗੀਆਂ ਫਿਲਮਾਂ ਵਿਚ ਹੀ ਕੰਮ ਕਰਨ ਦੀ ਖਾਹਿਸ਼ ਰਖਦੀ ਹੈ। ਚਾਂਦਨੀ ਸ਼ਰਮਾ ਅੱਜਕਲ ਕਲਰਸ ਚੈਨਲ ਉਤੇ ਚਲ ਰਹੇ ਟੀਵੀ ਸੀਰੀਅਲ ਇਸ਼ਕ ਮੇਂ ਮਰਜਾਵਾਂ 2 ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ । ਕੰਗਨਾ ਰਣੌਤ ਅਤੇ ਸ਼ਾਹਰੁਖ਼ ਖਾਨ ਦੀ ਪ੍ਰਸ਼ੰਸਕ ਚਾਂਦਨੀ ਸ਼ਰਮਾ ਵਿਚ ਉਤਸ਼ਾਹ ਅਤੇ ਆਤਮ ਵਿਸ਼ਵਾਸ ਦੀ ਘਾਟ ਨਹੀਂ, ਬਸ ਇੰਤਜ਼ਾਰ ਹੈ ਇਕ ਚੰਗੇ ਮੌਕੇ ਦਾ, ਜੋ ਉਸ ਨੂੰ ਬਾਲੀਵੁੱਡ ਵਿਚ ਸਥਾਪਤ ਕਰ ਦੇਵੇ।
Very nice article about Himachal girl….good artist