-ਜਲੰਧਰ (ਵਰਿੰਦਰ ਸਿੰਘ ਵਿਰਦੀ )
ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਪਰਗਟ ਸਿੰਘ ਅਤੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਸੁਹਿਰਦ ਯਤਨਾਂ ਸਦਕਾ ਜ਼ਿਲ੍ਹਾ ਫਾਜਿ਼ਲਕਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਭਾਸ਼ਾ ਵਿਭਾਗ ਦਾ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਭੁਪਿੰਦਰ ਉਤਰੇਜਾ ਨੇ ਜ਼ਿਲ੍ਹੇ ਦੇ ਪਹਿਲੇ ਜਿ਼ਲ੍ਹਾ ਭਾਸ਼ਾ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਇਕ ਸਾਦਾ ਪਰ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਨਵ ਨਿਯੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ ਸੁਭਕਾਮਨਾਂਵਾਂ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਖੁੱਲਣ ਨਾਲ ਹੁਣ ਜ਼ਿਲ੍ਹੇ ਵਿਚ ਪੰਜਾਬੀ ਭਾ਼ਸ਼ਾ ਅਤੇ ਵਿਰਸੇ ਨੂੰ ਪ੍ਰਫੁਲਿੱਤ ਕਰਨ ਲਈ ਹੋਰ ਵਧੇਰੇ ਕੰਮ ਹੋ ਸਕੇਗਾ।
ਪੰਜਾਬੀ ਲੇਖਕ ਅਤੇ ਕਾਲਮ ਨਵੀਸ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਭਾਸ਼ਾ ਦਫ਼ਤਰ ਦੀ ਸਥਾਪਨਾ ਹੋਣਾ ਸਾਹਿਤਕ ਖੇਤਰ ਲਈ ਇਕ ਖੁਸ਼ ਖ਼ਬਰ ਹੈ। ਡੀਐਫਐਸਓ ਸ੍ਰੀ ਵਿਕਾਸ ਬੱਤਰਾ ਨੇ ਕਿਹਾ ਕਿ ਭੁਪਿੰਦਰ ਉਤਰੇਜਾ ਪਹਿਲਾਂ ਹੀ ਕਲਾ ਅਤੇ ਸਾਹਿਤ ਖੇਤਰ ਨਾਲ ਜੁੜੇ ਹੋਏ ਹਨ ਇਸ ਲਈ ਉਨ੍ਹਾਂ ਦੇ ਬਤੌਰ ਭਾਸ਼ਾ ਅਫ਼ਸਰ ਫਾਜਿ਼ਲਕਾ ਜ਼ਿਲ੍ਹੇ ਵਿਚ ਆਉਣ ਨਾਲ ਪੰਜਾਬੀ ਮਾਂ ਬੋਲੀ ਪ੍ਰਫੁਲਿੱਤ ਹੋਵੇਗੀ।

ਇਸ ਮੌਕੇ ਪਿ੍ੰਸੀਪਲ ਸ੍ਰੀ ਕਸ਼ਮੀਰੀ ਲਾਲ, ਨਿਰਜੰਨ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸੁਪਰਡੈਂਟ ਮਨਜੀਤ ਸਿੰਘ ਅਤੇ ਜ਼ਸਵਿੰਦਰ ਕੌਰ, ਕੁਲਦੀਪ ਗਰੋਵਰ ਆਦਿ ਵੀ ਹਾਜਰ ਸਨ।