-ਨਿਊਜ਼ ਮਿਰਰ ਬਿਊਰੋ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪਰਿਸ਼ਦ ਵਿਖੇ ਇੱਕ ਵੱਖਰੀ ਕਿਸਮ ਦੀ ਵਿਚਾਰ-ਚਰਚਾ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ’ਚ ਸਾਹਿਤਕ ਜਗਤ ਨਾਲ ਸਬੰਧਤ ਸ਼ਖਸੀਅਤਾਂ ਅਤੇ ਪੱਤਰਕਾਰਾਂ ਨੇ ਹਿੱਸਾ ਲਿਆ।
‘ਲੇਖਕ, ਪੱਤਰਕਾਰ ਅਤੇ ਸਮਾਜਿਕ ਸਰੋਕਾਰ’ ਵਿਸ਼ੇ ਤੇ ਹੋਈ ਇਸ ਵਿਚਾਰ-ਚਰਚਾ ਵਿੱਚ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਚੰਗੀ ਸਮਾਜ ਉਸਾਰੀ ਲਈ ਲੇਖਕ ਤੇ ਪੱਤਰਕਾਰ ਭਾਈਚਾਰੇ ਵੱਲੋਂ ਵਿਖਾਈ ਸੇਧ ਬਹੁਤ ਮਾਇਨੇ ਰੱਖਦੀ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਚੰਗੇ ਪੱਤਰਕਾਰ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਪਤਾ ਹੁੰਦੀ ਹੈ ਕਿ ਉਹ ਕੀ ਲਿਖ ਜਾਂ ਪੇਸ਼ ਕਰ ਰਿਹਾ ਹੈ ਤੇ ਉਸ ਦਾ ਪ੍ਰਤੀਕਰਮ ਕੀ ਹੋ ਸਕਦਾ ਹੈ।
ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੇਖਕ ਦਾ ਹਰ ਵੇਲੇ ਸੁਚੇਤ ਰਹਿਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲੇਖਕ ਦੀ ਸ਼ਬਦਾਂ ਪ੍ਰਤੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਹਿਤ ਸਮਾਜ ਨੂੰ ਵਿਖਾਇਆ ਜਾਣ ਵਾਲਾ ਸ਼ੀਸ਼ਾ ਹੁੰਦਾ ਹੈ।
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਪੱਤਰਕਾਰ ਸਮਾਜ ਦਾ ਚੌਕੀਦਾਰ ਬਣ ਕੇ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਸਮਾਜਿਕ ਵਰਤਾਰਿਆਂ ਦੀ ਅਵਾਜ਼ ਉਠਾਉਂਦਿਆਂ ਪੱਤਰਕਾਰੀ ਦਾ ਮਿਆਰ ਨਹੀਂ ਡਿੱਗਣਾ ਚਾਹੀਦਾ। ਸਮਾਜਿਕ ਕਾਰਕੁੰਨ ਗੁਰਨਾਮ ਕੰਵਰ ਨੇ ਕਿਹਾ ਕਿ ਜ਼ਮਾਨਾ ਕਲਮਾਂ ਤੋਂ ਕੁਝ ਹੋਰ ਮੰਗਦਾ ਹੈ।
ਉਹਨਾਂ ਕਿਹਾ ਕਿ ਸਮਾਜਿਕ ਲਹਿਰਾਂ ਚੰਗੇ ਸਾਹਿਤ ਨੂੰ ਜਨਮ ਦੇਂਦੀਆਂ ਹਨ। ਪੱਤਰਕਾਰੀ ਤੇ ਲੇਖਣੀ ਵਾਲੀ ਕਲਮ ਕਦੇ ਨਾ ਡਰੇ ਤੇ ਨਿਰਪੱਖ ਰਹੇ। ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਨੇ ਕਿਹਾ ਕਿ ਸਮਾਜ ਹੋਂਦ ਅਤੇ ਹਾਲਾਤ ਦੋ ਹੀ ਗੱਲਾਂ ਵਾਪਰਦੀਆਂ ਹਨ ਜਿਨ੍ਹਾਂ ਵਿਚੋਂ ਹੀ ਸਰੋਕਾਰ ਪੈਦਾ ਹੁੰਦੇ ਹਨ। ਉਹਨਾਂ ਕਿਹਾ ਕਿ ਸੰਵਾਦ, ਮੰਥਨ ਅਤੇ ਵਿਚਾਰ-ਵਟਾਂਦਰੇ ਰਾਹੀਂ ਹੀ ਹੰਭਲਾ ਮਾਰ ਕੇ ਸੋਚ ਉਸਾਰੂ ਬਣ ਸਕਦੀ ਹੈ।
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਲੇਖਕਾਂ ਅਤੇ ਪੱਤਰਕਾਰਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅਜਿਹੀਆਂ ਗੋਸ਼ਟੀਆਂ ਕਰਨੀਆਂ ਬਹੁਤ ਜ਼ਰੂਰੀ ਹਨ।
ਸੂਨੈਨੀ ਸ਼ਰਮਾ ਨੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਚੰਗੀਆਂ ਕਦਰਾਂ ਕੀਮਤਾਂ ਨਵੀਂਆਂ ਪੀੜ੍ਹੀਆਂ ਤੱਕ ਪਹੁੰਚਾਈ ਰੱਖਣ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ।
ਰਾਜੇਸ਼ ਬੈਨੀਵਾਲ ਨੇ ਕਿਹਾ ਸਮਾਜਿਕ ਮੁੱਦਿਆਂ ਵਿੱਚ ਵਿਚਰ ਕੇ ਹੀ ਮਿਆਰੀ ਸਾਹਿਤ ਦੀ ਸਿਰਜਣਾ ਹੁੰਦੀ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਕਿਹਾ ਤੱਥ ਅਤੇ ਸੱਚ ਅੱਗੇ ਲਿਆਉਣਾ ਹੀ ਇੱਕ ਪੱਤਰਕਾਰ ਦਾ ਮੁੱਢਲਾ ਫ਼ਰਜ਼ ਹੁੰਦਾ ਹੈ। ਪ੍ਰਗਤੀਸ਼ੀਲ ਕਵੀ ਬਲਵਿੰਦਰ ਚਾਹਲ ਨੇ ਕਿਹਾ ਕਿ ਵਿਚਾਰਧਾਰਾਵਾਂ ਦਾ ਸੁਮੇਲ ਤੇ ਵਲਗਣਾਂ ਦੇ ਟੁੱਟਣ ਦਾ ਸਮਾਂ ਸਮਾਜ ਦੇ ਸਰੋਕਾਰਾਂ ਦੀ ਵਿਲੱਖਣਤਾ ਦਾ ਪ੍ਰਤੀਕ ਹੈ।
ਆਪਣੇ ਪ੍ਰਧਾਨਗੀ ਸੰਬੋਧਨ ਵਿਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਨਿਡਰ ਪੱਤਰਕਾਰੀ ਹਮੇਸ਼ਾ ਸਮੇਂ ਦੀ ਮੰਗ ਹੁੰਦੀ ਹੈ। ਸਾਰਿਆਂ ਦਾ ਧੰਨਵਾਦ ਕਰਦਿਆਂ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਅਜਿਹੇ ਸੰਵਾਦ ਲੇਖਕਾਂ ਤੇ ਪੱਤਰਕਾਰਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਤਰਜਮਾਨੀ ਕਰਦੇ ਹਨ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਸਾਹਿਤਕਾਰ ਸ਼ਿਰੀ ਰਾਮ ਅਰਸ਼, ਮਨਜੀਤ ਕੌਰ ਮੀਤ, ਧਿਆਨ ਸਿੰਘ ਕਾਹਲੋਂ,ਹਰਮਿੰਦਰ ਸਿੰਘ ਕਾਲੜਾ, ਜਗਦੀਪ ਕੌਰ ਨੂਰਾਨੀ, ਤੇਜਿੰਦਰ ਸਿੰਘ, ਮਨਜੀਤ ਪਾਲ ਸਿੰਘ, ਪਾਲ ਅਜਨਬੀ, ਸ਼ਰਮਾ ਚਨਾਰਥਲ, ਸ਼ਾਇਰ ਭੱਟੀ, ਸਰਦਾਰਾ ਸਿੰਘ ਚੀਮਾ, ਰਜਿੰਦਰ ਸਿੰਘ ਤੋਖੀ, ਨਰੇਸ਼, ਸੇਵੀ ਰਾਇਤ, ਪਰਮਜੀਤ ਪਰਮ, ਦਰਸ਼ਨ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਊਸ਼ਾ ਕੰਵਰ, ਸਤਵਿੰਦਰ ਸਿੰਘ ਮੜੌਲਵੀ, ਦਲਜੀਤ ਕੌਰ ਦਾਊਂ, ਡੀ. ਆਰ. ਸਿੰਗਲਾ, ਸੁਖਵਿੰਦਰ ਸਿੰਘ ਸਿੱਧੂ, ਡਾ. ਗੁਰਮੇਲ ਸਿੰਘ, ਗੁਰਚਰਨ ਸਿੰਘ, ਸਿਮਰਜੀਤ ਕੌਰ ਗਰੇਵਾਲ, ਬਾਬੂ ਰਾਮ ਦੀਵਾਨਾ, ਰਵਿੰਦਰ ਕੌਰ, ਏਕਮ ਸਿੰਘ, ਆਤਿਸ਼ ਗੁਪਤਾ, ਰਮਨਜੀਤ ਸਿੰਘ ਜੱਗਬਾਣੀ, ਹਰੀ ਪ੍ਰਕਾਸ਼, ਮੇਜਰ ਸਿੰਘ ਪੰਜਾਬੀ, ਸੁਰਖ਼ਾਬ, ਕੈਪਟਨ ਨਰਿੰਦਰ ਸਿੰਘ ਆਈ. ਏ. ਐਸ, ਸੁਰਿੰਦਰ ਸਿੰਘ ਕਿਸ਼ਨਪੁਰਾ, ਰਮਿੰਦਰ ਪਾਲ ਸਿੰਘ, ਡਾ. ਲਾਭ ਸਿੰਘ ਖੀਵਾ, ਪ੍ਰੋ. ਦਿਲਬਾਗ ਸਿੰਘ, ਅਜਾਇਬ ਔਜਲਾ, ਡਾ. ਕੰਵਲਜੀਤ ਕੌਰ ਢਿੱਲੋਂ, ਦਇਆਨੰਦ ਸ਼ਰਮਾ, ਅੰਕੁਰ ਤਾਂਗੜੀ, ਸੁਧੀਰ ਕੁਮਾਰ, ਵਿਨੋਦ ਕੁਮਾਰ, ਨਵਨੀਤ ਕੌਰ ਮਠਾੜੂ, ਸੁਖਨੈਬ ਸਿੰਘ ਸਿੱਧੂ, ਰਣਦੀਪ ਸਿੰਘ ਰਾਓ ਅਤੇ ਨਿਰਲੇਪ ਸਿੰਘ ਸ਼ਾਮਿਲ ਸਨ।