-ਬਠਿੰਡਾ: “ਸ਼੍ਰੋਮਣੀ ਅਕਾਲੀ ਦਲ ਹੋਵੇ , ਕਾਂਗਰਸ ਹੋਵੇ ਜਾਂ ਅਤੇ ਹੁਣ ਆਮ ਆਦਮੀ ਪਾਰਟੀ, ਹਰ ਕਿਸੇ ਨੇ ਪੰਜਾਬ ਨੂੰ ਨਸ਼ਿਆਂ ਵੱਲ ਧੱਕਿਆ ਹੈ। ਜੇਕਰ ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਅਤੇ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਭਾਜਪਾ ਦਾ ਆਉਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗੁੰਡਾਗਰਦੀ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਜਿਹੇ ਵਿੱਚ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਇਸ ਲਈ ਲੋਕ ਹੁਣ ਭਾਜਪਾ ਦਾ ਸਮਰਥਨ ਕਰ ਰਹੇ ਹਨ।“ਇਹ ਗੱਲਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਮਾਨਸਾ ਦੇ ਵੱਖ-ਵੱਖ ਪਿੰਡਾਂ ਵਿੱਚ ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਕਹੀਆਂ।ਮਾਨਸਾ ਦੇ ਖੋਖਰ, ਮੌਜੋ ਖੁਰਦ, ਨਰਿੰਦਰਪੁਰ, ਭੈਣੀ ਬਾਘਾ ਆਦਿ ਪਿੰਡਾਂ ਵਿੱਚ ਜਨਸੰਪਰਕ ਕਰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਕਈ ਦਹਾਕਿਆਂ ਤੋਂ ਪੰਜਾਬ ਨੂੰ ਨਸ਼ਿਆਂ ਵੱਲ ਧੱਕਣ ਵਾਲੀ ਵਿਰੋਧੀ ਪਾਰਟੀਆਂ ਦੇ ਆਗੂ ਪੁੱਛਦੇ ਹਨ ਕਿ ਭਾਜਪਾ ਨੇ ਕੀ ਕੀਤਾ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਹਰ ਘਰ ਗੈਸ ਪਹੁੰਚਾਉਣ ਦਾ ਕੰਮ ਭਾਜਪਾ ਨੇ ਕੀਤਾ। ਕਿਸਾਨਾਂ ਨੂੰ ਸਨਮਾਨ ਨਿਧੀ ਦੇ ਕੇ ਸਨਮਾਨਿਤ ਕੀਤਾ।“ਸਿੱਖਾਂ ਲਈ ਸ੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਅਤੇ ਦੇਸ਼ ਭਰ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ। ਬਠਿੰਡਾ ਹੀ ਨਹੀਂ ਪੂਰੇ ਦੇਸ਼ ਨੂੰ ਭਾਜਪਾ ਤੋਂ ਹੀ ਆਸ ਹੈ। ਭਾਜਪਾ ਨੇ ਵੱਖ-ਵੱਖ ਸਕੀਮਾਂ ਚਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਵੀ ਕੀਤਾ ਹੈ। ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਇੱਥੇ ਭਾਜਪਾ ਨੂੰ ਚੁਣਨਾ ਪਵੇਗਾ। ਹੁਣ ਲੋਕਾਂ ਨੇ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਭਾਜਪਾ ਨੂੰ ਚੁਣਨ ਦਾ ਮਨ ਬਣਾ ਲਿਆ ਹੈ।ਇਸ ਦੌਰਾਨ ਜਸਪ੍ਰੀਤ ਸਿੰਘ, ਗੁਰਮੀਤ ਢਿੱਲੋਂ, ਰਿੰਪੀ ਸਿੰਘ, ਦਵਿੰਦਰ ਤੇ ਹੋਰ ਹਾਜ਼ਰ ਸਨ।