-ਨਿਊਜ਼ ਮਿਰਰ ਬਿਊਰੋ
ਮੋਹਾਲੀ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੁੰਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਅਤੇ ਵੱਡੀ ਹੋ ਜਾਂਦੀ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਦੀ 25 ਵੀਂ ਵਰ੍ਹੇਗੰਢ ਤੇ ਨਵੀਂ ਕਾਰਜਕਾਰਨੀ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸੂਚਨਾ ਤੇ ਲੋਕ ਸੰਪਰਕ, ਬਾਗ਼ਬਾਨੀ, ਸੁਤੰਤਰਤਾ ਸੰਗਰਾਮੀਏ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ
ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ . ਭਗਵੰਤ ਸਿੰਘ ਮਾਨ ਵਲੋਂ ਕੀਤੇ ਐਲਾਨ ਮੁਤਾਬਕ ਹਰ ਜ਼ਿਲ੍ਹੇ ਵਿੱਚ ਮੀਡੀਆ ਕਲੱਬ ਬਣਾਏ ਜਾਣਗੇ। ਇਸੇ ਲੜੀ ਤਹਿਤ ਮੋਹਾਲੀ ਪ੍ਰੈੱਸ ਕਲੱਬ ਬਨਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਜਿੰਨੇ ਵੀ ਫੰਡਾਂ ਦੀ ਲੋੜ ਪਵੇਗੀ, ਉਹ ਦਿੱਤੇ ਜਾਣਗੇ। ਉਨਾਂ ਕਿਹਾ ਕਿ ਜਦੋਂ ਪ੍ਰੈੱਸ ਕਲੱਬ ਲਈ ਜਗ੍ਹਾ ਦਾ ਪ੍ਰਬੰਧ ਹੋ ਜਾਵੇਗਾ ਤਾਂ ਉਹ ਅਗਲੇ ਕਾਰਜਾਂ ਵਿੱਚ ਯੋਗਦਾਨ ਵਜੋਂ 03 ਲੱਖ ਰੁਪਏ ਦੀ ਗ੍ਰਾਂਟ ਵੀ ਦੇਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕਲੱਬ ਦਾ ਅਗਲਾ ਪ੍ਰੋਗਰਾਮ ਪ੍ਰੈੱਸ ਕਲੱਬ ਦੀ ਇਮਾਰਤ ਵਿੱਚ ਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੀਡੀਆ ਸਮਾਜ ਦਾ ਮੁੱਖ ਅੰਗ ਹੈ। ਸਮਾਜ ਵਿਚ ਜੋ ਵੀ ਵਾਪਰਦਾ ਹੈ, ਉਸ ਨੂੰ ਮੀਡੀਆ ਹੀ ਲੋਕਾਂ ਅੱਗੇ ਰੱਖਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਸਦਾ ਲੋਕਾਂ ਦੀ ਗੱਲ ਕਰੇ ਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਦੀਆਂ ਸੂਚਨਾਵਾਂ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਪਾਉਣ ਤੋਂ ਪਹਿਲਾਂ ਉਸ ਨੂੰ ਵੈਰੀਫਾਈ ਕਰਨਾ ਸਭ ਤੋਂ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ . ਭਗਵੰਤ ਮਾਨ, ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਉੱਤੇ ਚਾੜ੍ਹਨ ਅਤੇ ਰੰਗਲਾ ਬਣਾਉਣ ਲਈ ਅਣਥੱਕ ਮਿਹਨਤ ਕਰ ਹਨ, ਇਸ ਲਈ ਸਰਕਾਰ ਵੱਲੋਂ ਲਏ ਜਾਂਦੇ ਲੋਕ ਹਿੱਤੂ ਅਤੇ ਨਿਵੇਕਲੇ ਫੈਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਚ ਮੀਡੀਆ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ 80 ਫ਼ੀਸਦੀ ਵਿਧਾਇਕ ਗੈਰ ਸਿਆਸੀ ਅਤੇ ਆਮ ਪਰਿਵਾਰਾਂ ਵਿਚੋਂ ਆਏ ਹਨ, ਜਿਨ੍ਹਾਂ ਵਿੱਚ ਵਿੱਚ ਲੋਕਾਂ ਲਈ ਕੁੱਝ ਵੱਖਰਾ ਤੇ ਨਿਵੇਕਲਾ ਕਰਨ ਦਾ ਜਜ਼ਬਾ ਬਹੁਤ ਜ਼ਿਆਦਾ ਹੈ। ਇਸ ਲਈ ਸਾਨੂੰ ਇਨ੍ਹਾਂ ਜਨਤਕ ਪ੍ਰਤੀਨਿਧਾਂ ਵੱਲੋਂ ਆਪਣੇ ਆਪਣੇ ਹਲਕੇ ਵਿੱਚ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਮੁੱਖ ਮੰਤਰੀ ਵੱਲੋਂ ਫ਼ਸਲਾਂ ਨੂੰ ਨਹਿਰੀ ਪਾਣੀ ਲਗਣਾ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਈ ਦਹਾਕਿਆਂ ਤੋਂ ਬਾਅਦ, ਪਹਿਲੀ ਵਾਰ ਟੇਲਾਂ ਤੱਕ ਪਾਣੀ ਪੁੱਜਿਆ ਹੈ ਤੇ ਪਾਣੀ ਲਾਉਣ ਲਈ ਸੂਬੇ ਚ ਮੋਟਰਾਂ ਲਈ ਬਿਜਲੀ ਦੀ ਵੀ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਸੱਚੀ ਹੋਵੇ ਤਾਂ ਪ੍ਰਮਾਤਮਾ ਸਦਾ ਸਾਥ ਦਿੰਦਾ ਹੈ ਤੇ ਇਮਾਨਦਾਰੀ ਨਾਲ ਕੀਤਾ ਕੰਮ ਸਦਾ ਸਿਰੇ ਚੜ੍ਹਦਾ ਹੈ।
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਬਾਰੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਇਕੋ ਇਕ ਮਨਸ਼ਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਹਰ ਘਰ ਪੁੱਜੇ ਅਤੇ ਪ੍ਰਸਾਰਣ ਫ੍ਰੀ ਟੂ ਏਅਰ ਹੋਵੇ।