–ਨਿਊਜ਼ ਮਿਰਰ ਬਿਊਰੋ
ਮੋਹਾਲੀ 26 ਮਈ : ਮਹਿਕਮਾ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਸ ਵੱਲੋਂ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਸਕਾਲਰਸ਼ਿਪ ਅਵਾਰਡ ਪ੍ਰੋਗਰਾਮ ਅਧੀਨ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡਣ ਲਈ ਸਮਾਰੋਹ ਇੱਥੋਂ ਦੇ ਸਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਸਪੈਸਲ ਡੀ. ਜੀ. ਪੀ. ਸੰਜੀਵ ਕਾਲੜਾ ਆਈ.ਪੀ.ਐਸ. ਵੱਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਡਿਊਟੀ ਦੌਰਾਨ ਐਕਸੀਡੈਂਟ ਕਾਰਨ ਆਪਣੀ ਜਾਨ ਗਵਾਉਣ ਵਾਲੇ ਹੋਮਗਾਰਡ ਦੇ 2 ਵਾਲੰਟੀਅਰਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਹੋਮਗਾਰਡ ਦੇ ਵਾਲੰਟੀਅਰਾਂ ਦੇ 244 ਹੋਣਹਾਰ ਬੱਚਿਆਂ ਨੂੰ ਜੋ ਵੱਖ ਵੱਖ ਜਮਾਤਾਂ ਵਿੱਚ 80 ਫੀਸਦੀ ਤੋਂ ਵਧੇਰੇ ਅੰਕ ਲੈ ਕੇ ਪਾਸ ਹੋਏ ਨੂੰ ਵੀ 13 ਲੱਖ 11 ਹਜ਼ਾਰ 900 ਰੁਪਏ ਦੇ ਚੈੱਕ ਦਿੱਤੇ।
ਇਸ ਮੌਕੇ ਸੰਬੋਧਨ ਕਰਦਿਆਂ ਸੰਜੀਵ ਕਾਲੜਾ ਨੇ ਕਿਹਾ ਕਿ ਪੰਜਾਬ ਹੋਮਗਾਰਡ ਦੇ ਜਵਾਨ ਸੂਬੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਹਰ ਸਮੇਂ ਅਗਾਂਹਵਧੂ ਭੂਮਿਕਾ ਨਿਭਾਉਂਦੇ ਹਨ ਅਤੇ ਹੁਣ ਮਹਿਕਮੇ ਦੇ ਮੁਖੀ ਦੇ ਤੌਰ ਤੇ ਜਵਾਨਾਂ ਅਤੇ ਉਨਾਂ ਦੇ ਵੈਲਫੇਅਰ ਲਈ ਕੰਮ ਕਰਨਾ ਹੀ ਉਨਾਂ ਦੀ ਪ੍ਰਾਥਮਿਕਤਾ ਹੈ। ਉਨਾਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਮਾਪਿਆ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਭਵਿੱਖ ਵਿੱਚ ਹੋਰ ਉਚੇਰੇ ਸੁਪਨਿਆਂ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 2 ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਤੇ ਕਿਹਾ ਕਿ ਪੰਜਾਬ ਹੋਮ ਗਾਰਡ ਹਮੇਸ਼ਾ ਇਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਨਾਲ ਖੜੇਗਾ।
ਇਸ ਮੌਕੇ ਐਚ.ਡੀ.ਐਫ.ਸੀ. ਬੈਂਕ ਦੇ ਉੱਤਰੀ – 2 ਬ੍ਰਾਂਚ ਬੈਂਕਿੰਗ ਹੈਡ ਵਿਨੀਤ ਅਰੋੜਾ ਨੇ ਕਿਹਾ ਕਿ ਉਨਾਂ ਦਾ ਬੈਂਕ ਹੋਮਗਾਰਡ ਵਿਭਾਗ ਦੇ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਹਮੇਸਾ ਯਤਨਸ਼ੀਲ ਹੈ ਅਤੇ ਜਵਾਨਾਂ ਦੀ ਬਿਹਤਰੀ ਲਈ ਹਮੇਸ਼ਾ ਕੰਮ ਕਰਦਾ ਰਹੇਗਾ।
ਅੰਤ ਵਿੱਚ ਧੰਨਵਾਦੀ ਸੰਬੋਧਨ ਦੌਰਾਨ ਕਮਾਡੈਂਟ ਡਾ ਅਜੈਪਾਲ ਸਿੰਘ ਨੇ ਡੀਜੀਪੀ ਸੰਜੀਵ ਕਾਲੜਾ ਅਤੇ ਐੱਚ ਡੀ ਐੱਫ ਸੀ ਬੈਂਕ ਨਾਰਥ ਜ਼ੋਨ -2 ਦੇ ਬੈਕਿੰਗ ਹੈੱਡ ਵਿਨੀਤ ਅਰੋੜਾ ਅਤੇ ਸਕੂਲ ਪ੍ਰਿੰਸੀਪਲ ਡਾ ਅਨੂਪ ਕਿਰਨ ਦਾ ਇਸ ਉੱਦਮ ਲਈ ਧੰਨਵਾਦ ਕੀਤਾ। ਕਮਾਡੈਂਟ ਗੁਰਲਵਦੀਪ ਸਿੰਘ ਨੇ ਪ੍ਰੋਗਰਾਮ ਅਫਸਰ ਅਤੇ ਕੰਪਨੀ ਕਮਾਂਡਰ ਕਰਮਜੀਤ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਡਿਪਟੀ ਕਮਾਡੈਂਟ ਜਨਰਲ ਹਰਮਨਜੀਤ ਸਿੰਘ,ਡਵੀਜਨਲ ਕਮਾਡੈਂਟ ਚਰਨਜੀਤ ਸਿੰਘ ਸਮੇਤ ਵਿਭਾਗ ਅਤੇ ਬੈਂਕ ਦੇ ਸਮੂਹ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।