–ਨਿਊਜ਼ ਮਿਰਰ ਬਿਊਰੋ
ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਅਧੀਨ ਦਿੱਲੀ ਵਿੱਚ ਚੱਲ ਰਹੇ 4 ਖ਼ਾਲਸਾ ਕਾਲਜਾਂ ਵਿਖੇ ਹੋਈਆਂ ਨਿਯੁਕਤੀਆਂ ਸੰਬੰਧੀ ਵੱਡੇ ਪੱਧਰ ਉੱਪਰ ਹੋਈਆਂ ਬੇਨਿਯਮੀਆਂ ਅਤੇ ਸਿੱਖ ਉਮੀਦਵਾਰਾਂ ਨੂੰ ਅਣਗੌਲੇ ਕਰਕੇ ਗੈਰ ਸਿੱਖਾਂ ਨੂੰ ਭਰਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ .
ਇਸ ਸੰਬੰਧੀ ਦਿੱਲੀ ਅਤੇ ਹੋਰ ਵੱਖ ਵੱਖ ਇਲਾਕਿਆਂ ਦੀ ਸੰਗਤ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਹੈ । ਇਸ ਮਸਲੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਦਿੱਲੀ ਕਮੇਟੀ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਲਈ ਪੱਤਰ ਭੇਜਿਆ ਗਿਆ ਸੀ । ਜਿਸ ਬਾਰੇ ਨਾਖੁਸ਼ੀ ਜ਼ਾਹਰ ਕਰਦਿਆਂ ਯੂਥ ਆਗੂ ਜਸਮੀਤ ਸਿੰਘ ਪ੍ਰੀਤਮਪੁਰਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਦਿਆਂ ਢੁਕਵੀਂ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ।
ਪ੍ਰੀਤਮਪੁਰਾ ਨੇ ਜਥੇਦਾਰ ਸਾਹਿਬ ਨੂੰ ਪੱਤਰ ਰਾਹੀ ਕਿਹਾ ਹੈ ਕਿ , “ਆਪ ਜੀ ਨੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੋਂ ਇਸ ਸੰਬੰਧੀ ਸਪੱਸ਼ਟੀਕਰਨ ਲੈਣ ਦੀ ਬਜਾਏ । ਸਿਰਫ਼ ਰਸਮੀ ਪੱਤਰ ਜਾਰੀ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਕੀਤੀ ਹੈ । ਤੁਸੀ ਕੌਮ ਦੀ ਸਰਵ ਉੱਚ ਪਦਵੀ ਤੇ ਬੈਠੇ ਹੋ । ਤੁਹਾਡੇ ਤੋਂ ਸਮੁੱਚੀ ਕੌਮ ਨਿਰਪੱਖ ਫੈਸਲਿਆਂ ਦੀ ਆਸ ਰੱਖਦੀ ਹੈ । ਅਸੀ ਤੁਹਾਨੂੰ ਮੁੜ ਤੋਂ ਸਨਿਮਰ ਬੇਨਤੀ ਕਰਦੇ ਹਾਂ ਕਿ ਕਾਲਜਾਂ ਵਿੱਚ ਹੋਈ ਭਰਤੀ ਸੰਬੰਧੀ ਪ੍ਰਬੰਧਕਾਂ ਦੀ ਜਵਾਬ-ਤਲਬੀ ਕਰਦੇ ਹੋਏ । ਸਿੱਖ ਬੱਚੇ / ਬੱਚੀਆਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਇਆ ਜਾਵੇ । ਅਤੇ ਨਾਲ ਹੀ ਜੋ ਬੇਨਿਯਮੀਆਂ ਹੋਈਆਂ ਹਨ ਉਹਨਾਂ ਦਾ ਸਮੁੱਚਾ ਡਾਟਾ ਆਪ ਜੀ ਆਪਣੇ ਕੋਲ ਮੰਗਵਾਕੇ । ਪੂਰੀ ਕੌਮ ਅੱਗੇ ਜ਼ਰੂਰ ਰੱਖੋ ਤਾਂ ਜੋ ਸਮੁੱਚੀ ਸਿੱਖ ਕੌਮ ਸਾਡੀਆਂ ਵੱਕਾਰੀ ਸੰਸਥਾਵਾਂ ਤੇ ਬੈਠਕੇ ਕੌਮ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪਹਿਚਾ ਸਕਣ । “
ਇਸ ਮੌਕੇ ਪ੍ਰੈੱਸ ਨਾਲ ਗੱਲ ਕਰਦਿਆਂ ਪ੍ਰੀਤਮਪੁਰਾ ਨੇ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ਼ ਕਾਲਕਾ ਕਾਹਲੋਂ ਜੋੜੀ ਭ੍ਰਿਸ਼ਟਾਚਾਰ ਤੇ ਕੌਮ ਨਾਲ ਧ੍ਰੋਹ ਕਮਾਉਣ ਦਾ ਨਵਾਂ ਰਿਕਾਰਡ ਕਾਇਮ ਕਰ ਰਹੇ ਹਨ । ਉਹਨਾਂ ਕਿਹਾ ਕਿ ਸੰਗਤ ਇਹਨਾਂ ਦਾ ਹਿਸਾਬ ਜ਼ਰੂਰ ਕਰੇਗੀ ।