-ਨਿਊਜ਼ ਮਿਰਰ ਬਿਊਰੋ
ਮੋਹਾਲੀ 15 ਮਈ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ‘ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਮੁਹਿੰਮ’ ਤਹਿਤ 7ਵੇਂ ਯੂ.ਐਨ ਗਲੋਬਲ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਮੋਹਾਲੀ ਦੇ ਸ਼ਿਵਾਲਿਕ ਸਕੂਲ ਤੋਂ ਕੀਤੀ ਗਈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਹਫ਼ਤਾ ਪੂਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕ ਸੁਰੱਖਿਆ ਬਾਬਤ ਜਾਗਰੂਕਤਾ ਪੈਦਾ ਕਰਕੇ ਸੜਕ ਹਾਦਸਿਆਂ ਅਤੇ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਵਰ੍ਹੇ 4500 ਤੋਂ ਵੱਧ ਕੀਮਤੀ ਜਾਨਾਂ ਸੜਕ ਹਾਦਸਿਆਂ ਵਿੱਚ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ 15 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਦੇ ਵਿਅਕਤੀ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਹੈ ਜਿਸ ਦੌਰਾਨ ਸੂਬੇ ਭਰ ਵਿੱਚ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਲਈ ਉਪਰਾਲੇ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ। ਹੁਣ ਲਰਨਰ ਲਾਇਸੈਂਸ ਮੋਬਾਈਲ ਫੋਨ ਜ਼ਰੀਏ ਹੀ ਬਣਵਾਇਆ ਜਾ ਸਕਦਾ ਹੈ। ਪਹਿਲਾਂ ਹੈਵੀ ਲਾਇਸੈਂਸ ਲਈ ਟੈਸਟ ਦੇਣ ਲਈ ਪੰਜਾਬ ਵਿੱਚ ਕੇਵਲ ਦੋ ਸੈਂਟਰ ਸਨ ਅਤੇ ਬੀਤੇ ਕੱਲ੍ਹ ਰੂਪਨਗਰ ਵਿਖੇ ਵੀ ਅਜਿਹਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਹਰ 50 ਕਿਲੋਮੀਟਰ ਦੇ ਘੇਰੇ ਵਿਚ ਅਜਿਹੇ ਸੈਂਟਰ ਖੋਲ੍ਹੇ ਜਾਣਗੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ “ਫ਼ਰਿਸ਼ਤੇ ਸਕੀਮ” ਸ਼ੁਰੂ ਕੀਤੀ ਹੈ ਜਿਸ ਤਹਿਤ ਸੜਕ ਹਾਦਸੇ ਦੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਲਈ 5 ਹਜ਼ਾਰ ਰੁਪਏ ਇਨਾਮ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਅਜ਼ਾਦੀ ਤੇ ਗਣਤੰਤਰ ਦਿਵਸ ਸਮਾਗਮਾਂ ਮੌਕੇ ਅਜਿਹੇ ਵਿਅਕਤੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰ ਸ਼ਹਿਰ ਤੇ ਪਿੰਡ ਵਿੱਚ ਸਾਰਾ ਸਾਲ ਲਗਾਤਾਰ ਟ੍ਰੈਫਿਕ ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਇਸ ਨਾਲ ਸਿਹਤ ਤੇ ਵਾਤਾਵਰਣ ਦੋਵੇਂ ਵਧੀਆ ਰਹਿਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਦਰਪੇਸ਼ ਟਰੈਫਿਕ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਅਤੇ ਕੌਮੀ ਮਾਰਗਾਂ ਉੱਤੇ ਬਣੇ ਗੈਰ ਕਾਨੂੰਨੀ ਕੱਟ ਬੰਦ ਕੀਤੇ ਜਾਣਗੇ।
ਸ. ਭੁੱਲਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਦਾ ਚੰਗੀ ਸੰਗਤ ਵਿੱਚ ਰਹੀਏ, ਉਸ ਨਾਲ ਹੀ ਭਵਿੱਖ ਰੌਸ਼ਨ ਹੋਵੇਗਾ। ਵੱਖੋ-ਵੱਖ ਅਲਾਮਤਾਂ ਤੇ ਮਾੜੇ ਲੋਕਾਂ ਤੋਂ ਸੁਚੇਤ ਰਹਿਣ ਰਹਿਣ ਦੀ ਲੋੜ ਹੈ ਤਾਂ ਜੋ ਸਾਡੇ ਵਿਦਿਆਰਥੀ ਪੂਰੇ ਦੇਸ਼ ਵਿੱਚ ਉੱਚ ਅਹੁਦੇ ਸੰਭਾਲ ਸਕਣ।
ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਬਹੁਤ ਜ਼ਰੂਰੀ ਹੈ। ਸੜਕ ਹਾਦਸੇ ਵਿੱਚ ਮੌਤ ਹੋਣਾ ਹੀ ਨੁਕਸਾਨ ਨਹੀਂ ਹੈ, ਸਰੀਰ ਦਾ ਨਕਾਰਾ ਹੋਣਾ ਵੀ ਬਹੁਤ ਖ਼ਤਰਨਾਕ ਹੈ। ਹਰ ਰੋਜ਼ ਵੱਡੀ ਗਿਣਤੀ ਲੋਕ ਸੜਕ ਹਾਦਸਿਆਂ ਦੀ ਭੇਟ ਚੜ੍ਹਦੇ ਹਨ। ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਰਹੇ। ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਲਾਜ਼ਮੀ ਹੈ ਕਿਉਂਕਿ ਵਿਦਿਆਰਥੀ ਹੀ ਸੂਬੇ ਤੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਦੀ ਮੁਸ਼ਕਲ ਹੱਲ ਕਰਨ ਲਈ ਮੋਹਾਲੀ ਸ਼ਹਿਰ ਵਿਚ ਸਾਈਕਲ ਟਰੈਕ ਲਾਜ਼ਮੀ ਤੌਰ ਉੱਤੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸੈਮੀਨਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਹੁੰਦੇ ਰਹਿਣੇ ਚਾਹੀਦੇ ਹਨ।